Friday 2 March 2012

ਮੈਂ ਕਹਿੰਦਾ ਸੀ

ਦਿਲਾ ਇਹ ਇਸ਼ਕ ਬਰਬਾਦੀ ਕਰਾਊਗਾ ਮੈਂ ਕਹਿੰਦਾ ਸੀ
ਤਿਰੇ ਘਰ ਨੂੰ ਭੀ ਚੰਦਰਾ ਅੱਗ ਲਾਊਗਾ ਮੈਂ ਕਹਿੰਦਾ ਸੀ

ਗੁਨਾਹ ਕੋਈ ਕਰੂਗਾ ! ਫ਼ਾਇਦਾ ਕੋਈ ਉਠਾਊਗਾ!!
ਤਿਰੇ ਸਿਰ ਮੁਫ਼ਤ ਦਾ ਇਲਜ਼ਾਮ ਆਊਗਾ ਮੈਂ ਕਹਿੰਦਾ ਸੀ

ਖ਼ਲਾਅ ਵਿੱਚ ਦੂਰ ਤੱਕ ਧੁੰਦਲਾ ਜਿਹਾ ਚਾਨਣ, ਸੀ ਜੋ ਦਿਸਦਾ
ਇਹ ਚਾਨਣ, ਭੀ ਹਨੇਰੇ ਵਿੱਚ ਸਮਾਊਗਾ, ਮੈਂ ਕਹਿੰਦਾ ਸੀ

ਬੜੀ ਜ਼ਾਲਿਮ ਹੈ ਇਹ ਦੁਨੀਆ; ਬੜੇ ਜ਼ਾਲਿਮ ਨੇ ਇਹ ਬੰਦੇ
ਜੋ ਇਹਨਾ ਤੇ ਧਿਜੂਗਾ ਮਾਰ ਖਾਊਗਾ ਮੈਂ ਕਹਿੰਦਾ ਸੀ

ਪਤਾ ਸੀ ਏਸ ਹਲਚਲ ਦਾ ਇਹੀ ਸਿੱਟਾ ਨਿਕਲਣਾਂ ਏਂ
ਸਮਾਂ ਮਨਸੂਰ ਨੂੰ ਸੂਲੀ ਚੜ੍ਹਾਊਗਾ ਮੈਂ ਕਹਿੰਦਾ ਸੀ

ਹਨੇਰੀ ਨਾਲ ਟਕਰਾਕੇ ਵਿਚਾਰੇ ਰੁੱਖ ਟੁੱਟਣਗੇ
ਜ਼ਮਾਨਾ ਭੀ ਇਨ੍ਹਾਂ ਦਾ ਮੂੰਹ ਚਿੜ੍ਹਾਊਗਾ ਮੈਂ ਕਹਿੰਦਾ ਸੀ

ਲੜਾ ਦਿੱਤਾ ਨਾ ਆਖ਼ਿਰ ਸ਼ੇਖ ਨੇ ਸਾਨੂੰ ਭੀ ਆਪਸ ’ਚ
ਇਹ ਮੂਜ਼ੀ ਸਾਨੂੰ ਆਪਸ ਵਿੱਚ ਲੜ੍ਹਾਊਗਾ ਮੈਂ ਕਹਿੰਦਾ ਸੀ

ਤੁਸੀਂ ਕਹਿੰਦੇ ਸੀ ਰਹਿਬਰ ਖ਼ੂਬ ਹੈ ਪਹੁੰਚਾਂਗੇ ਮੰਜ਼ਿਲ ਤੇ
ਇਹ ਰਹਿਬਰ ਹੀ ਤੁਹਾਨੂੰ ਰਾਹ ਭੁਲਾਊਗਾ ਮੈਂ ਕਹਿੰਦਾ ਸੀ

ਦਲੀਲਾਂ ਨਾਲ "ਦੀਪਕ" ਕਦ ਕੋਈ ਅਹਿਮਕ ਸਮਝਦਾ ਹੈ
ਜੋ ਸਮਝਾਊਗਾ ਪੱਗ ਆਪਣੀ ਲੁਹਾਊਗਾ ਮੈਂ ਕਹਿੰਦਾ ਸੀ

No comments:

Post a Comment