Friday 2 March 2012

ਗੱਲਾਂ ਕਰੀਏ ਭਾਵੇਂ ਰੋਜ਼ ਹਜ਼ਾਰਾਂ ਨਾਲ

ਗੱਲਾਂ ਕਰੀਏ ਭਾਵੇਂ ਰੋਜ਼ ਹਜ਼ਾਰਾਂ ਨਾਲ
ਦੁਨੀਆ ਚੰਗੀ ਲੱਗਦੀ ਹੈ ਪਰ ਯਾਰਾਂ ਨਾਲ||

ਸ਼ਬਨਮ ਨਹੀਂ ਬੁਝਾ ਸਕਦੀ ਭਖ਼ਦੇ ਅੰਗਿਆਰ
ਹੰਝੂ ਲੱਖ ਟਕਰਾਉਣ ਤਿਰੇ ਰੁਖ਼ਸਾਰਾ ਨਾਲ||

ਖਿੰਡੀਆਂ ਜੁਲਫ਼ਾਂ- ਅੱਖਾਂ ਨਮ- ਲੱਥਾ ਚਿਹਰਾ
ਰਾਤ ਕਿੱਦਾਂ ਬੀਤੀ ਹੈ ਸਰਕਾਰਾਂ ਨਾਲ?

ਤੇਰਾ ਜਲਵਾ ਕੇਰਾਂ ਜਿੰਨਾ ਵੇਖ ਲਿਆ
ਫਿਰਨ ਮਾਰਦੇ ਟੱਕਰਾਂ ਉਹ ਦੀਵਾਰਾਂ ਨਾਲ਼||

ਉਹ ਤਬੀਅਤਨ ਖੁਸ਼ਕ ਮਿਜ਼ਾਜਨ; ਇਹ ਰੰਗੀਨ
ਕੀ ਮੁਕਾਬਿਲੈ ਜ਼ਾਹਿਦ ਦਾ ਮੈਖ਼ਾਰਾਂ ਨਾਲ?

ਅੱਛਾ ! ਸਾਡਾ ਫੱਕਰਾਂ ਦਾ ਵੀ ਰੱਬ ਰਾਖੈ
ਤੂੰ ਤਾਂ ਪੀਂਘਾ ਪਾ ਲਈਆਂ ਜ਼ਰਦਾਰਾਂ ਨਾਲ||

ਦਿਲ ਵਿੱਚ ਬੜੀ ਤਮੰਨਾ ਸੀ ਫੁੱਲ ਤੋੜਨ ਦੀ
ਪੋਟੇ ਜ਼ਖਮੀ ਅਸੀਂ ਕਰਾ ਲਏ ਖਾਰਾਂ ਨਾਲ||

ਸਾਡਾ ਬੀਮਾਰਾਂ ਦਾ ਕੀ ਪੁੱਛਦੈ ਏਂ ਹਾਲ?
ਹੋਇਆ ਹੈ ਇਹ ਹਾਲ ਤਿਰੇ ਇਕਰਾਰਾਂ ਨਾਲ||

ਜਿੰਨਾ ਵਿੱਚ ਨਾ-ਸ਼ਰਮ, ਹਯਾ-ਨਾ ਜ਼ਬਤ-ਲਿਹਾਜ਼!
ਆਢਾ ਲਾਵੇ ਕੌਣ ਉਨ੍ਹਾਂ ਬਦਕਾਰਾਂ ਨਾਲ||

ਹਰ ਇੱਕ ਯਾਰ ਨੇ ਧੋਖਾ ਕੀਤੈ ਰੱਬ ਦੀ ਸਹੁੰ!
"ਦੀਪਕ ਜੈਤੋਈ" ਵਰਗੇ ਫ਼ਨਕਾਰਾਂ ਨਾਲ||

No comments:

Post a Comment