Friday 2 March 2012

ਸੱਚ ਦਾ ਆਸ਼ਿਕ ਹਾਂ ਸੱਚ ਤੇ ਮਰਦਾ ਹਾਂ

ਸੱਚ ਦਾ ਆਸ਼ਿਕ ਹਾਂ ਸੱਚ ਤੇ ਮਰਦਾ ਹਾਂ
ਝੂਠ ਦਾ ਦਮ ਨਾ ਮੂਲ ਭਰਦਾ ਹਾਂ
ਜ਼ਰ-ਪ੍ਰਸਤਾ ! ਡਰਾ ਨਾ ਤੂੰ ਮੈਨੂੰ !
ਮੈਂ ਜੇ ਡਰਦਾਂ, ਤਾਂ ਰੱਬ ਤੋਂ ਡਰਦਾਂ ਹਾਂ
ਡਰ ਦਿਖਾਉਂਦਾ ਹੈ "ਨਾਸਿਰ" ਦੋਜ਼ਖ਼ ਦਾ
ਅੱਗ ਦਾ ਦਰਿਆ ਮੈਂ ਰੋਜ਼ ਤਰਦਾ ਹਾਂ
ਖੂਨ ਪੀਣਾਂ ਉਹ ਮੁੱਲਾ ! ਸਮਝਾਉਂਦੈ
ਮੈਅਕਸ਼ੀ ਕਾਸਤੋਂ ਮੈਂ ਕਰਦਾ ਹਾਂ ?
ਮੈਨੂੰ ਹਰ ਸ਼ਖਸ, ਖੁਦ ਜਿਹਾ ਲਗਦੈ
ਆਪਣੇ ਦਿਲ ਵਿੱਚ ਮੈਂ ਜਦ ਉੱਤਰਦਾਂ ਹਾਂ
ਐਬ ਯਾਰਾਂ ਦੇ ਢੱਕਦਾਂ ਮੈਂ ਅਕਸਰ
ਆਪਣੇ ਐਬਾਂ ਤੋਂ ਚੁੱਕਦਾ ਪਰਦਾ ਹਾਂ
ਸਰ ਤੇ ਪੈਂਦੀ ਹੈ ਹਰ ਬਲਾ ਟੁੱਟ ਕੇ
ਹਰ ਬਲਾ ਦਾ ਮੈਂ ਹਮਲਾ ਜਰਦਾਂ ਹਾਂ
ਜ਼ਾਲਿਮਾਂ ਨੂੰ ਸਲਾਮ ਨਈਂ ਕਰਦਾ
ਆਸ਼ਿਕਾਂ ਨੂੰ ਸਲਾਮ ਕਰਦਾ ਹਾਂ
ਐ ਫ਼ਲਕ ! ਤੂੰ ਵੀ ਲਾ ਲੈ ਆਪਣਾ ਜ਼ੋਰ !
ਮੈਂ ਸਤਾਇਆ ਜ਼ਮਾਨੇ ਭਰ ਦਾ ਹਾਂ
ਇਹ ਤਾਂ ਹਿੰਮਤ ਹੈ ਮੇਰੀ ਐ "ਵਾਇਜ਼"
ਗਰਕ ਹੋਕੇ ਭੀ ਉੱਭਰਦਾਂ ਹਾਂ
ਐਸੇ ਹਾਲਾਤ ਹੋ ਗਏ "ਦੀਪਕ"
ਮੈਂ ਨਾ ਹੁਣ ਘਾਟ ਦਾ, ਨਾਂ ਘਰ ਦਾ ਹਾਂ

No comments:

Post a Comment