Friday 2 March 2012

ਬਰਖ਼ਾ ਬਹਾਰ

ਆਇਆ ਸੌਣ ਜਵਾਨ ਹੋ ਗਈ ਕੁਦਰਤ. ਇਹ ਜ਼ਮੀਨ ਏਦਾਂ ਸਬਜ਼-ਜਾਰ ਹੋਈ
ਜਿੱਦਾ ਕੰਤ ਪਰਦੇਸੀ ਦੇ ਘਰੇ ਆਇਆ, ਲਾਵੇ ਹਾਰ-ਸ਼ਿੰਗਾਰ ਮੁਟਿਆਰ ਕੋਈ

ਉੱਠੀ ਘਟਾ, ਬੱਦਲ ਐਸੇ ਹੋਏ ਨੀਵੇਂ , ਜਿੱਦਾ ਧਰਤੀ 'ਤੇ ਆਉਣ ਨੂੰ ਤਰਸਦੇ ਨੇ
ਫਿਰ ਇੰਜ ਬਰਸੇ ਜਿੱਦਾ ਸੌਣ ਲੱਗੇ, ਨੈਣ ਕਿਸੇ ਵਿਯੋਗਣ ਦੇ ਬਰਸਦੇ ਨੇ

ਬੱਦਲ ਜਦੋਂ ਟਕਰਾਊਣ, ਖੜਾਕ ਹੋਵੇ, ਛਾਤੀ ਧੜਕਦੀ ਸੁਹਲ ਸੁਆਣੀਆਂ ਦੀ
ਬਿਜਲੀ ਲਿਸ਼ਕਦੇ ਸਾਰ ਅਲੋਪ ਹੋਵੇ, ਜਿੱਦਾ ਦੋਸਤੀ ਲਾਲਚੀ ਬਾਣੀਏ ਦੀ

ਝੀਲਾਂ ਭਰੀਆਂ ਨੇ ਐਨ ਕਿਨਾਰੇਆਂ ਤੱਕ, ਅਰਸ਼ੋਂ ਉਤਰੀ ਡਾਰ ਮੁਰਗਾਬੀਆਂ ਦੀ
ਵੱਟਾ ਟੁੱਟੀਆ ਇੰਝ ਹਰ ਖੇਤ ਦੀਆਂ, ਤੌਬਾ ਟੁੱਟਦੀ ਜੀਵੇਂ ਸ਼ਰਾਬੀਆਂ ਦੀ

ਮੋਰ ਨੱਚਦੇ, ਕੋਇਲਾਂ ਕੂਕ ਪਈਆਂ, ਦੀਪਕ ਜਗੇ ਪਤੰਗੇ ਆ ਫੜਕਦੇ ਨੇ
ਪਾਉਂਦੇ ਸ਼ੋਰ ਬਰਸਾਤੀ ਦਰਿਆ ਏਦਾਂ, ਜਿੱਦਾ ਨਵੇਂ ਰੱਜੇ ਬੰਦੇ ਭੁੜਕਦੇ ਨੇ

ਨਿਰਮਲ ਨੀਰ ਗੰਦਲਾਅ ਗਿਆ ਭੁੰਏ ਪੈ ਕੇ, ਅਕਸਰ ਏਦਾਂ ਹੀ ਹੁੰਦਾ ਦੁਸ਼ਵਾਰੀਆ ਵਿੱਚ
ਜਿੱਦਾ ਸ਼ਾਇਰ ਦੀ ਬੁੱਧੀ ਮਲੀਨ ਹੋਵੇਂ, ਰਹਿ ਕੇ ਲੀਡਰਾਂ ਅਤੇ ਵਿਉਪਾਰੀਆਂ ਵਿੱਚ

ਪਾਣੀ ਪਿੰਡ ਦਾ ਛੱਪੜਾਂ ਵਿੱਚ ਏਦਾਂ, 'ਕੱਠਾ ਹੋ ਗਿਆ ਰੁੜ੍ਹ ਕੇ ਦਲੇਰੀ ਦੇ ਨਾਲ
ਆਸੇ-ਪਾਸੇ ਦੀ ਦੌਲਤ ਸਮੇਟ ਲੈਂਦੇ, ਸ਼ਾਹੂਕਾਰ ਜਿੱਦਾ ਹੇਰਾ-ਫ਼ੇਰੀ ਦੇ ਨਾਲ

ਆਇਆ ਹੜ੍ਹ, ਰੁੜ੍ਹੀਆ ਛੰਨਾ, ਢਹੇ ਢਾਰੇ, ਪਾਣੀ ਦੂਰ ਤੱਕ ਮਾਰਦੈ ਵਲਾ ਜਾਂਦੈ
ਵਕਤ ਜਿਵੇਂ ਗਰੀਬ ਦੇ ਜਜ਼ਬਿਆਂ ਨੂੰ, ਪੈਰਾਂ ਹੇਠ ਮਧੋਲਦਾ ਚਲਾ ਜਾਂਦੈ

ਰਾਤੀ ਜੁਗਨੂਆਂ ਦੇ ਝੁਰਮੁਟ ਫਿਰਨ ਉਡਦੇ, ਝੱਲੀ ਜਾਏ ਨਾ ਤਾਬ ਨਜ਼ਾਰਿਆ ਦੀ
ਜਿੱਦਾ ਰੁੱਤਾਂ ਦੀ ਰਾਣੀ ਬਰਸਾਤ ਆਈ, ਸਿਰ 'ਤੇ ਉੜ੍ਹ ਕੇ ਚੁੰਨੀ ਸਿਤਾਰੇਆਂ ਦੀ

ਚੰਨ ਬੱਦਲਾਂ ਤੋਂ ਬਾਹਰ ਮੱਸਾ ਆਉਂਦੈ, ਫੌਰਨ ਆਪਣਾ ਮੁੱਖ ਛੁਪਾ ਲੈਂਦੈ
ਲਹਿਣੇਦਾਰ ਨੂੰ ਦੇਖ ਕਰਜਾਈ ਜਿੱਦਾ, ਸ਼ਰਮਸਾਰ ਹੋ ਕੇ ਨੀਵੀਂ ਪਾ ਲੈਂਦੇ

ਮਹਿਕ ਵੰਡ ਰਹੀਆ ਕਲੀਆ ਬਾਗ ਅੰਦਰ, ਫੁੱਲ ਆਪਣੀ ਖ਼ੁਸ਼ਬੂ ਖਿੰਡਾ ਰਹੇ ਨੇ
ਬਿਨਾਂ ਲਾਲਚੋਂ ਜਿਵੇਂ ਵਿਦਵਾਨ ਬੰਦੇ, ਆਮ ਲੋਕਾਂ ਨੁੰ ਇਲਮ ਵਰਤਾ ਰਹੇ ਨੇ

ਲੱਗੇ ਫੱਲ ਜ਼ਮੀਨ ਵੱਲ ਝੁਕੇ ਪੌਦੇ, ਆਉਂਦੇ ਜਾਂਦੇ ਦੇ ਵੱਟੇ ਮਾਰਦੇ ਨੇ
ਜਿੱਦਾ ਜਾਹਲ ਅੱਗੇ ਸ਼ਰੀਫਜ਼ਾਦੇ, ਨੀਵੇਂ ਹੋ ਕੇ ਵਕਤ ਗੁਜ਼ਾਰਦੇ ਨੇ

ਸਾਵਣ ਵਿੱਚ ਬਹਾਰ ਕਮਾਲ ਦੀ ਏ, ਮੈਂ ਕੁਰਬਾਨ ਜਾਵਾਂ ਇਸ ਬਹਾਰ ਉੱਤੇ
ਰੁੱਤਾਂ ਪਰਤ ਕੇ ਅਉਂਦੀਆ ਯਾਰ ਦੀਪਕ, ਮੋਏ ਪਰਤਦੇ ਨਹੀਂ ਜਹਾਨ ਉੱਤੇ

1 comment:

  1. ਬਹੁਤ ਹੀ ਲਾ-ਜਵਾਬ ਸ਼ਾਇਰੀ ਜਨਾਬ !!

    ReplyDelete