Wednesday 7 March 2012

ਦੇਖ ਦੌੜੀ ਜਾ ਰਹੀ ਖਲਕਤ ਨੂੰ ਦੇਖ

ਦੇਖ ਦੌੜੀ ਜਾ ਰਹੀ ਖਲਕਤ ਨੂੰ ਦੇਖ
ਦੇਖ ਤੂੰ ਇਸ ਵਕਤ ਦੀ ਦਹਿਸ਼ਤ ਨੂੰ ਦੇਖ

ਰੁਕ ਜ਼ਰਾ ਇਕ ਰੁੱਖ ਨੇ ਮੈਨੂੰ ਆਖਿਆ
ਅਪਣੇ ਵਿਛੜੇ ਯਾਰ ਦੀ ਹਾਲਤ ਨੂੰ ਦੇਖ

ਬੀਜੀਆ ਇਕ ਬੀਜ ਸੈਆਂ ਹੋ ਗਏ
ਦੇਖ ਤੂੰ ਧਰਤੀ ਦੀ ਇਸ ਬਰਕਤ ਨੁੰ ਦੇਖ

ਇਕ ਸਤਰ ਬੋਲੀ ਤੇ ਸਭ ਵਿੰਨੇ ਗਏ
ਦੇਖ ਤੂੰ ਇਸ ਸਾਂਝ, ਇਸ ਸੰਗਤ ਨੂੰ ਦੇਖ

ਭਾਫ ਬਣ ਉਡਿਆ ਸਮੁੰਦਰ ਥਲ ਲਈ
ਦੇਖ ਇਸ ਮਿਲਣੀ ਨੂੰ ਇਸ ਹਿਜ਼ਰਤ ਨੂੰ ਦੇਖ

ਮੋੜ ਦੇਵੇ ਜਿੰਦਗੀ ਦੇ ਵਹਿਣ ਨੁੰ
ਦੇਖ ਤੁੰ ਇਕ ਵਾਕ ਦੀ ਤਾਕਤ ਨੂੰ ਵੇਖ

ਬੀਜ ਕਾਲਾ ਸੀ ਤੇ ਸੂਹੇ ਫੁੱਲ ਹਨ
ਦੇਖ ਤੂੰ ਮਿੱਟੀ ਦੀ ਇਸ ਰੰਗਤ ਨੁੰ ਦੇਖ

ਦੁਖੀਆਂ ਲਈ ਇਕ ਹੰਝੂ ਵੀ ਇਹਨਾਂ ਕੋਲ ਨਾ
ਤੂੰ ਵਿਚਾਰੇ ਸ਼ਾਹਾਂ ਦੀ ਗੁਰਬਤ ਨੂੰ ਦੇਖ

ਰਹਿਣ ਦੇ ਕਾਦਰ ਨੂੰ ਜੋ ਦਿਸਦਾ ਨਹੀਂ
ਹੈ ਬਹੁਤ ਏਨਾ ਕਿ ਤੂੰ ਕੁਦਰਤ ਨੂੰ ਦੇਖ...........

No comments:

Post a Comment