Friday 2 March 2012

ਦਿਲ ’ਚ ਸੂਰਤ ਵੱਸੀ ਹੈ ਪਿਆਰੇ ਦੀ

ਦਿਲ ’ਚ ਸੂਰਤ ਵੱਸੀ ਹੈ ਪਿਆਰੇ ਦੀ
ਕੌਣ ਚਿੰਤਾ ਕਰੇ ਗੁਜ਼ਾਰੇ ਦੀ
ਘੁਲ ਕੇ ਲਹਿਰਾਂ ਥੀਂ ਲੁਤਫ਼ ਲੈਂਦਾ ਹਾਂ
ਹੁਣ ਜ਼ਰੂਰਤ ਨਹੀਂ ਕਿਨਾਰੇ ਦੀ
ਕੁਝ ਭੀ ਹਸਤੀ ਨਾ ਰਹਿ ਸਕੀ ਕਾਇਮ
ਡਿੱਗੇ ਹੰਝੂ ਦੀ; ਟੁੱਟੇ ਤਾਰੇ ਦੀ
ਥਰ-ਥਰਾ ਉੱਠਦੀਆਂ ਨੇ ਤਲਵਾਰਾਂ
ਬਾਤ ਛਿੜਦੀ ਹੈ ਜਦ ਵੀ ਆਰੇ ਦੀ
ਹੁਣ ਮੈਂ ਖ਼ੁਦ ਹੀ ਸਹਾਰਾ ਆਪਣਾ ਹਾਂ
ਹੁਣ ਗਰਜ਼ ਹੀ ਨਹੀਂ ਸਹਾਰੇ ਦੀ
ਦੁਸ਼ਮਣੋਂ ! ਯਾਦ ਰੱਖੋ; ਇੱਕ ਬਿਜਲੀ
ਮੰਤਜ਼ਿਰ ਹੈ ਮੇਰੇ ਇਸ਼ਾਰੇ ਦੀ
ਕੀ ਗਰੂਰ ਇਸ ਤੇ ਕਰ ਰਿਹੈਂ ਸੱਜਣਾ?
ਜ਼ਿੰਦਗੀ ਮਸਲ ਹੈ ਗੁਬਾਰੇ ਦੀ
ਆਉਣਗੇ ਸਭ ਤਲੀ ਤੇ ਸਿਰ ਧਰਕੇ
ਗੂੰਜੀ ਆਵਾਜ਼ ਜਦ ਨਗਾਰੇ ਦੀ
ਹਰ ਨਜ਼ਰ ਵਿੱਚ ਇਹ ਤਾਬ ਕੱਥੇ ਹੈ?
ਤਾਬ ਝੱਲੇ ਤੇਰੇ ਨਜ਼ਾਰੇ ਦੀ
ਪਾਰਾ-ਪਾਰਾ ਤੂੰ ਕੀਤੈ ਦਿਲ ਮੇਰਾ
ਪੈਣੀ ਕੀਮਤ ਹੈ ਪਾਰੇ ਪਾਰੇ ਦੀ
ਤੇਰੀ ਲੋਅ ਵਿੱਚ ਓਹ ਦਮ ਨਹੀਂ "ਦੀਪਕ!"
ਜੋ ਹੈ ਤਾਕਤ ਤੇਰੇ ਸ਼ਰਾਰੇ ਦੀ....

No comments:

Post a Comment