Friday 2 March 2012

ਦੌਲਤ ਤਮਾਮ

ਕੁਝ ਕੁ ਹੱਥਾਂ ਵਿੱਚ ਸਿਮਟ ਕੇ ਰਹਿ ਗਈ ਦੌਲਤ ਤਮਾਮ
ਆਮ ਲੋਕਾਂ ਦਾ ਮਗਰ ਹੁਣ ਹੋ ਗਿਐ ਜੀਣਾ ਹਰਾਮ
ਕੁਝ ਕੁ ਪਿਆਕਾਂ ਹੀ ਤੇ ਬਖ਼ਸ਼ਿਸ਼ ਹੈ ਤਿਰੀ ਹੁਣ ਸਾਕੀਆ
ਤਰਸਦੇ ਇੱਕ ਛਿੱਟ ਨੂੰ ਹਨ ਮੁੱਦਤਾਂ ਰਿੰਦ ਆਮ
ਜ਼ਿੰਦਗੀ; ਪਥਰਾ ਗਈ ਹੈ ਰਹਿ ਗਈ ਹੈ ਬਣ ਕੇ ਬੁੱਤ
ਹੋਰ ਕਿੰਨੀ ਦੇਰ ਤੱਕ ਚੱਲੂਗਾ ਇਹ ਬੋਦਾ-ਨਿਜ਼ਾਮ
ਖੂਨ ਤੋਂ ਮਹਿੰਗਾ ਪਸੀਨਾ ਚੋ ਕੇ ਭੀ ਭੁੱਖਾ ਹਾਂ ਮੈਂ
ਕਰ ਰਹੈ ਅੱਈਆਸ਼ੀਆਂ ਵਿਹਲੜ-ਵਿਕਾਰਾਂ ਦਾ ਗ਼ੁਲਾਮ
ਦੂਰ ਹਟ ਜਾਓ! ਤੁਸੀਂ ਮਜ਼ਹਬ-ਪ੍ਰਸਤੋ! ਦੂਰ ਦੂਰ!
ਕਾਤਿਲਾਂ; ਨਫ਼ਰਤ-ਪ੍ਰਸਤਾਂ ਨੂੰ ਮਿਰਾ ਅੱਜ ਤੋਂ ਸਲਾਮ
ਕਿਉਂ ਦਰਿੰਦਾ ਬਣ ਗਿਐ ਹੈ? ਆਦਮੀ ਇਸ ਦੌਰ ਦਾ
ਆਬਰੂ ਲੁੱਟੇ ਓਹ; ਜਿਸ ਵਹਿਸ਼ਤ ਨੂੰ ਪਾਉਣੀ ਸੀ ਲਗਾਮ
ਸਾੜ ਸੁੱਟਣ, ਚਾਰ ਛਿੱਲੜਾਂ ਵਾਸਤੇ ਕਲੀਆਂ ਦਾ ਹੁਸਨ
ਮਾਲੀਆ! ਕੀ ਖਾਕ ਹੈ? ਗੁਲਸ਼ਨ ’ਚ ਤੇਰਾ ਇੰਤਜ਼ਾਮ
ਖ਼ੂਬ ਹੈ ਇਨਸਾਫ਼ ਤੇਰਾ! ਬੇਗੁਨਾਹ ਪੰਜਰੇ ’ਚ ਹਨ
ਜੋ ਗੁਨਾਹ ਕਰਦੇ ਨੇ ਤੂੰ ਉਹਨਾਂ ਨੂੰ ਵੰਡਦਾ ਏਂ ਇਨਾਮ
ਕਾਲੀ ਮੰਡੀ ਦੇ ਸੌਦਾਗਰ; ਖੁਦ ਨੂੰ ਪਤਵੰਤੇ ਕਹਾਉਣ
ਪਰ ਗਿਣੇਂ ਜਾਂਦੇ ਨੇ "ਦੀਪਕ" ਵਰਗੇ ਸ਼ਾਇਰ ਬਦਕਲਾਮ

No comments:

Post a Comment