Friday 2 March 2012

ਕੜ੍ਹਕਦੀ ਧੁੱਪ

ਕੜ੍ਹਕਦੀ ਧੁੱਪ ਨੇ ਬਸਤੀ ਤੇ ਕਹਿਰ ਢਾਇਆ ਹੈ
ਮਗਰ ਮੇਰੇ ਤੇ ਤੇਰੇ ਗੇਸੂਆਂ ਦਾ ਸਾਇਆ ਹੈ||

ਹਜ਼ਾਰਾਂ ਬਾਰ ਕਰਮ ਤੇਰਾ ਅਜ਼ਮਾਇਆ ਹੈ
ਹਰੇਕ ਮੋੜ ਤੇ ਤੈਨੂੰ ਕਰੀਬ ਪਾਇਆ ਹੈ||

ਕਦਮ ਕਦਮ ਤੇ ਲਏ ਬਦਲੇ ਇਸ ਜ਼ਮਾਨੇ ਨੇ
ਮੇਰਾ ਕਦਮ ਨਾ ਕਦੀ ਦੋਸਤ ਡਗਮਗਾਇਆ ਹੈ||

ਉਲਝ ਗਿਆ ਮੈਂ ਜਦੋਂ ਵੀ ਕਿਸੇ ਮੁਸੀਬਤ ਵਿੱਚ
ਤੇਰੇ ਹੀ ਪਿਆਰ ਨੇ ਨੇ ਮੈਨੂੰ ਸਦਾ ਬਚਾਇਆ ਹੈ||

ਕਸਰ ਨਾ ਛੱਡੀ ਇਹਨਾਂ ਬਿਜਲੀਆਂ ਨੇ ਦਿਲਦਾਰੋ
ਚਮਨ ’ਚੋਂ ਚੁਣ ਕੇ ਮੇਰਾ ਆਹਲਣਾ ਜਲਾਇਆ ਹੈ||

ਤੇਰਾ ਵੀ ਦਿਲ ਹੈ ਜੋ ਰੋਂਦਾ ਪਿਆ ਹੈ ਸੇਜ ਉੱਤੇ
ਮੇਰਾ ਵੀ ਦਿਲ ਹੈ ਜੋ ਸੂਲੀ ਤੇ ਮੁਸਕੁਰਾਇਆ ਹੈ||

ਮੈਂ ਗਰਦਿਸ਼ਾਂ ਦਾ ਸਤਾਇਆ ਨਹੀਂ ਸਾਂ ਮਰ ਸਕਦਾ
ਮੇਰਾ ਵਜੂਦ ਇਹਨਾਂ ਰਹਿਬਰਾਂ ਮਿਟਾਇਆ ਹੈ||

ਕਿਸੇ ਵੀ ਯਾਰ ਨੇ ਮੇਰੀ ਨਾ ਬਾਂਹ ਫ਼ੜੀ ਭੁੱਲ ਕੇ
ਜਦੋਂ ਵੀ ਲਾਇਆ ਗਲੇ ਦੁਸ਼ਮਣਾਂ ਨੇ ਲਾਇਆ ਹੈ||

ਤਮਾਮ ਸ਼ਹਿਰ ਵਿੱਚ ਖਿੰਡਿਐ ਮਣਾਂ ਮੂੰਹੀ ਚਾਨਣ
ਇਹ ਕਿਸ ਨੇ ਪਰਦਾ ਤੇਰੇ ਹੁਸਨ ਤੋਂ ਹਟਾਇਆ ਹੈ||

ਬੁਝਾ ਗਿਆ ਕੋਈ ਫ਼ਿਰ; ਇਹ ਜਗ ਰਿਹਾ ਦੀਪਕ
ਹੈ ਕੌਣ ਸ਼ਖਸ਼ ਕਿ ਜਿਸਨੇ ਹਨੇਰਾ ਪਾਇਆ ਹੈ ||

No comments:

Post a Comment